• Google+ icon
  • Facebook icon
  • Twitter icon
  • You Tube icon

    Search  

ਦਸਮੇਸ਼ ਪਿਤਾ ਦ੍ਰਿੜਾਈ ਸੱਚੀ ਅਤੇ ਸੁੱਚੀ ਸਾਂਝੀਵਾਲਤਾ

ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਅੱਜ ਪੰਥ ਵਿਚ ਬਣੀ ਹੋਈ ਅਧੋਗਤੀ ਵਾਲੀ ਹਾਲਤ ਵੇਖ ਕੇ ਆਮ ਸਿੱਖ ਦੇ ਮਨ ਵਿਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਹੁਣ ਪੰਥ ਨੂੰ ਕਿਸੇ ਹੋਰ ਦੁਫੇੜ ਤੋਂ ਬਚਾਉਣਾ ਸੰਭਵ ਨਹੀਂ। ਫਿਰ ਮਨ ਵਿਚ ਸਵਾਲ ਉਠਦਾ ਹੈ ਕਿ ਇਹ ਕਿਉਂ ਇਸ ਤਰਾਂ ਹੋ ਰਿਹਾ ਗੁਰੂ ਸਾਹਿਬ ਕਿਉਂ ਤੱਤ ਖ਼ਾਲਸਾ ਪ੍ਰਗਟ ਨਹੀਂ ਕਰ ਰਹੇ ਫਿਰ ਨਾਲ ਦੀ ਨਾਲ ਜੁਆਬ ਵੀ ਮਿਲ ਜਾਂਦਾ ਹੈ ਕਿ "ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ" ਕਿ ਚੋਹੀਂ ਪਾਸੀ ਖੁਆਰੀ ਹੀ ਖੁਆਰੀ ਪ੍ਰਚੰਡ ਹੈ ਅਤੇ ਜਿਹੜਾ ਗੁਰੂ ਦੀ ਸ਼ਰਨ ਵਿਚ ਹੈ ਉਹ ਬਚਿਆ ਹੋਇਆ ਹੈ। ਜਿਥੋਂ ਭਾਵ ਇਹ ਹੋਇਆ ਕਿ ਗੁਰੂ ਕੇ ਭਾਣੇ ਵਿਚ ਹੀ ਰਹਿਣ ਵਿਚ ਭਲਾਈ ਹੈ। ਪਰ ਫਿਰ ਵੀ ਆਮ ਸਿੱਖ ਏਕੇ ਵਿਚ ਜਿਉਣਾ ਚਾਹੁੰਦਾ ਹੈ ਅਤੇ ਅਜੋਕੇ ਸਮੇਂ ਵਿਚ ਏਕਾ ਜਾਂ ਸਾਂਝੀਵਾਲਤਾ ਹੋਵੇ ਕਿਵੇ? ਇਹ ਪ੍ਰਸ਼ਨ ਅੱਜ ਖੜੱਪੇ ਨਾਗ ਵਾਂਗ ਐਸਾ ਕੌਮ ਅੱਗੇ ਖੜਾ ਹੈ ਕਿ ਹਿਲਣ ਦਾ ਨਾ ਹੀ ਨਹੀਂ ਲੈ ਰਿਹਾ। ਜਿਸ ਕਿਸੇ ਵੀਰ ਭੈਣ ਨਾਲ ਇਸਦੀ ਗੱਲ ਕਰੋ ਸਭ ਇੱਕ ਦੂਸਰੇ ਨੂੰ ਹੀ ਕੋਸਣ ਤੇ ਲੱਗੇ ਹਨ ਅਤੇ ਸਥਾਈ ਹੱਲ ਕਿਵੇਂ ਹੋਵੇ ਕਿਸੇ ਕੋਲ ਜਵਾਬ ਨਹੀਂ। ਇਹ ਗੱਲ ਦੁਹਰਾ ਦੁਹਰਾ ਕੇ ਹੁਣ ਤਾਂ ਕਲਮਾਂ ਵੀ ਘਸ ਗਈਆ ਹੈ ਕਿ ਕੌਮ ਦੇ ਲੀਡਰਾਂ ਨੇ ਹੀ ਐਸਾ ਬੇੜਾ ਬਠਾਇਆ ਹਨ ਕਿ ਹੁਣ ਕੋਈ ਏਕੇ ਦੀ ਕਿਰਣ ਨਜ਼ਰ ਨਹੀਂ ਆਉਂਦੀ। ਪਰ ਲਗਦਾ ਹੈ ਕਦੇ ਕਦੇ ਕਲਮ ਵੀ ਵਿੰਗੀ ਟੇਡੀ ਚਲ ਸਕਦੀ ਹੈ ਕਿਉਂਕਿ ਸਾਡੇ ਲੀਡਰ ਤਾਂ ਕਹਿ ਰਹੇ ਨੇ ਕਿ ਬਈ ਅਸੀਂ ਤਾਂ ਏਕਾ ਕਰਵਾ ਦਿੱਤਾ ਹੈ। ੩ ਜਨਵਰੀ ੨੦੧੦ ਨੂੰ ਕੌਮ ਵਿਚ ਬਹੁਤ ਭਾਰੀ ਏਕਾ ਹੋ ਗਿਆ ਹੈ ਅਤੇ ਸ਼ਾਇਦ ਇਸ ਦੇ ਨਾਲ ਦੀ ਮਿਸਾਲ ਪੂਰੇ ਸਿੱਖ ਇਤਿਹਾਸ ਵਿੱਚ ਵੀ ਨਾ ਮਿਲੇ। ਅੱਜਕੱਲ ਇਸ ਏਕੇ ਨੂੰ ਦੁਨੀਆ ਤਾਈਂ ਦੱਸਣ ਲਈ ਅਖਬਾਰਾਂ ਵਿਚ ਲੱਖਾਂ ਰੁਪਈਆਂ ਦੇ ਵੱਡੇ ਇਸ਼ਤਿਹਾਰ ਵੀ ਲੱਗ ਰਹੇ ਹਨ। ਜੇ ਏਡਾ ਭਾਰੀ ਏਕਾ ਹੋਇਆ ਹੁੰਦਾ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਪੈ ਗਈ। ਖੈਰ! ਦਾਸ ਦਾ ਇਥੇ ਉਦੇਸ਼ ਉੰਟਕਣਾਂ ਕਰਨ ਦਾ ਨਹੀ ਹੈ ਗੁਰੂ ਸਾਹਿਬ ਕਿਰਪਾ ਕਰਨ ਇਹ ਏਕਾ ਬਣਿਆ ਰਹਿ ਜਾਵੇ ਇਸ ਵਿਚ ਵੀ ਭਲਾ ਹੋਵੇਗਾ। ਕਿਉਂਕਿ ਖ਼ਾਲਸੇ ਦਾ ਜ਼ੇਰਾ ਬਹੁਤ ਹੀ ਵਿਸ਼ਾਲ ਹੈ। ਦਿਸਦੇ ਸਮੁੰਦਰਾਂ ਤੋਂ ਵੀ ਪਰੇ ਹੈ ਤਾਂਹੀਉ ਤਾਂ ਮਿਲੀ ਹੋਈ ਨਵਾਬੀ ਛਡ ਸਕਦੈ, ਇਥੋ ਤੱਕ ਕਿ ਦਿੱਲੀ ਦਾ ਜਿੱਤਆ ਹੋਇਆ ਤਖ਼ਤੋ ਤਾਜ਼ ਵੀ ਛੱਡ ਸਕਦਾ ਕਿਉਂਕਿ ਸ੍ਰੀ ਦਸਮੇਸ਼ ਜੀ ਦੇ ਬਖਸ਼ੇ ਦੋ ਧਾਰੇ ਨਾਮ ਦੇ ਖੰਡੇ ਦੀ ਬਖਸ਼ਿਸ ਹੀ ਐਸੀ ਹੈ ਕਿ ਜਿਸਦੇ ਅੱਗੇ ਇਹ ਦੁਨੀਆਵੀ ਤਖ਼ਤੋਂ ਤਾਜ਼ ਤੁਛ ਹਨ।

ਅੱਜ ਦੇ ਪੰਥਕ ਹਲਾਤਾਂ ਅਤੇ ਸਾਂਝੀਵਾਲਤਾ ਬਾਬਿਤ ਅਗਰ ਕੋਈ ਸਹੀ ਮੁੱਲਆਕਣ ਕਰ ਸਕਦਾ ਹੈ ਤਾਂ ਉਹ ਭੀ ਸ੍ਰੀ ਦਸਮੇਸ਼ ਜੀ ਦੇ ਨਾਮ ਦਾ ਅਖੰਡਾਕਾਰੀ ਖੰਡਾ ਖੜਕਾਉਣ ਵਾਲਾ ਸਿੰਘ ਹੀ ਕਰ ਸਕਦਾ ਹੈ। ਸੌ ਦਾਸ ਨੂੰ ਭਾਈ ਸਾਹਿਬ ਰਣਧੀਰ ਸਿੰਘ ਤੋਂ ਉਪਰ ਏਸ ਵਖਤ ਕੋਈ ਨਹੀਂ ਜਾਪਿਆ ਜਿਹੜਾ ਇਸ ਗੱਲ ਨੂੰ ਬੇਧੜਕ ਪ੍ਰਗਟਾ ਸਕੇ। ਭਾਈ ਸਾਹਿਬ ਦਾ ਇਹ ਹਥਲਾ ਛੋਟਾ ਜਿਹਾ ਲੇਖ ਇਵੇਂ ਲਗਦਾ ਜਿਵੇਂ ਕੁੱਝ ਦਿਨ ਪਹਿਲਾਂ ਹੀ ਲਿਖਿਆ ਗਿਆ ਹੋਵੇ ਔਰ ਭਾਈ ਸਾਹਿਬ ਨੇ ਕਿੰਨਾ ਠੋਕ ਕੇ ਇਸ ਲੇਖ ਵਿਚ ਨਾਸਤਕਾਂ (ਅੱਜ ਪੰਥ ਵਿਚ ਆ ਚੁੱਕੇ ਕਮਿਉਨਿਸਟਾਂ) ਅਤੇ ਦੂਸਰੇ ਪਾਸੇ ਸੰਤ-ਡੰਮੀ ਬਾਬਿਆ ਦੇ ਝੂਠੇ ਕਿਰਦਾਰਾਂ ਤੇ ਕਰਾਰੀ ਚੋਟ ਮਾਰੀ ਹੈ ਕਿ "ਇਹ ਸੰਤ-ਡੰਮ੍ਹੀਏ ਕੁਛ ਵੀ ਸਵਾਰ ਨਹੀਂ ਸਕਦੇ। ਸਿਵਾਏ ਇਸ ਦੇ ਕਿ ਢਾਹ ਲਾਈ ਹੋਈ ਹੈ ਗੁਰੂ ਦਸਮੇਸ਼ ਜੀ ਦੇ ਸੱਚੇ ਮਿਸ਼ਨ ਨੂੰ"। ਹਾਲਾਂ ਕਿ ਇਹ ਲੇਖ ਭਾਈ ਸਾਹਿਬ ਨੇ ਓਸ ਵਖਤ ਉਪਜ ਰਹੇ ਕਮਿਊਨਿਸਟਾਂ ਪ੍ਰਤੀ ਲਿਖਿਆ ਸੀ ਪਰ ਅੱਜ ਉਹੋ ਹੀ ਕਮਿਊਨਿਸਟ ਸਿੱਖੀ ਭੇਸ ਵਿੱਚ ਕੌਮ ਵਿਚ ਵੀ ਆ ਵੜੇ ਹਨ। ਇਹ ਲੇਖ ਪੜ ਕੇ ਜਿੱਥੇ ਇਨਾਂ ਦੇ ਪੜ੍ਹਦੇ ਖੁੱਲਦੇ ਹਨ ਓਥੇ ਇਹ ਆਸ ਦੀ ਕਿਰਨ ਵੀ ਮਿਲਦੀ ਹੈ ਕਿ ਖ਼ਾਲਸਾ ਇਸ ਘਨੇਰੇ ਬੱਦਲਾਂ ਵਿਚੋਂ ਵੀ ਨਿਕਲ ਜਾਵੇਗਾ। ਹਾਂ ਉਸ ਦਾ ਮੁੱਲ ਕੀ ਤਾਰਨਾ ਪਵੇਗਾ ਇਹ ਸਮਾਂ ਹੀ ਦੱਸ ਸਕੇਗਾ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ

ਦਸਮੇਸ਼ ਪਿਤਾ ਦ੍ਰਿੜਾਈ ਸੱਚੀ ਅਤੇ ਸੁੱਚੀ ਸਾਂਝੀਵਾਲਤਾ

ਜਿਨ੍ਹਾ ਜਨਾਂ ਨੂੰ ਪ੍ਰਮਾਰਥ ਦੇ ਸੱਚੇ ਰੰਗਾਂ ਦਾ ਪ੍ਰੇਮ-ਰੰਗ ਨਹੀਂ ਚੜ੍ਹਿਆ, ਉਹ ਕੀ ਜਾਣਨ ਸਾਰ ਸੱਚੀ ਸਾਂਝੀਵਾਲਤਾ ਦੀ। ਇਸ ਜ਼ਮਾਨੇ ਦੇ ਚਾਰ-ਦਿਵਸੀ ਚੋਜਾਂ ਅੰਦਰ ਜਿਨ੍ਹਾਂ ਨੂੰ ਧੁੰਰਦਰੋਂ ਆਈ ਸੱਚੀ ਸਾਂਝੀਵਾਲਤਾ ਦਾ ਰੰਗ ਨਹੀਂ ਚੜ੍ਹਿਆ, ਉਹ ਇਸ ਓਪਰੀ ਜਿਹੀ ਨਾਸਤਕਤਾ ਦੇ ਹੋਛੇ ਰੰਗਾਂ ਵਿਚ ਹੀ ਮੁੱਠੇ ਜਾਂਦੇ ਹਨ। ਓੜਕ ਓਹ ਨਾਸਤਕਾਂ ਦੇ ਮੰਡਲ ਵਿਚ ਹੀ ਫਿਰਨ ਲੱਗ ਪੈਂਦੇ ਹਨ। ਪਰੰਤੂ ਯਾਦ ਰਹੇ ਕਿ ਇਹ ਹੋਛੀ ਠਗਮੂਰੀ ਖਾ ਕੇ, ਠੱਗੇ ਹੋਏ ਮੁੜ ਘਿੜ ਕੇ, ਫੇਰ ਗੇੜਾ ਖਾ ਕੇ ਗੁਰੂ ਘਰ ਵਿਚ ਆਵਣਗੇ। ਜਿਨ੍ਹਾਂ ਨੇ ਬੜੇ ਦਰਦ ਵਿਚ ਆ ਕੇ ‘ਦਰਦ-ਸੁਨੇਹੇ' ਲਿਖੇ ਸਨ, ਉਹ ਜ਼ਮਾਨੇ ਦੀ ਹਵਸ ਅਨੁਸਾਰ ਚਾਹੇ ਕੁਛ ਕਾਲ ਲਈ ਨਾਸਤਕਤਾ ਦਾ ਗੇੜ ਖਾ ਕੇ ਗੁਰੂ ਘਰ ਦੀ ਸੱਚੀ ਸਾਂਝੀਵਾਲਤਾ ਤੋਂ ਦੂਰ ਹੋ ਗਏ ਹਨ, ਪਰ ਜਿਸ ਦਿਨ ਵੀ ਇਹ ਗੇੜ ਮੁਕ ਗਿਆ, ਜ਼ਰੂਰ ਪਰ ਜ਼ਰੂਰ ਮੁੜ ਆਵਣਗੇ। ਇਹ ਨਾਸਤਕਤਾ ਦੀ ਹਵਾ ਚਾਰ ਦਿਨ ਵਾਸਤੇ ਵਗੀ ਹੈ ਅਤੇ ਇਸ ਜ਼ਮਾਨੇ ਦੇ ਗੇੜ ਅੰਦਰ ਜਦੋਂ ਵੀ ਮੁਕ ਗਈ, ਓਹ ਬਜਾਏ ਨਾਸਤਕਤਾ ਦਾ ਪਰਚਾਰ ਕਰਨ ਦੇ ਸੱਚੀ ਸਾਂਝੀਵਾਲਤਾ ਨੂੰ ਗ੍ਰਹਿਣ ਕਰ ਲੈਣਗੇ। ਹੁਣ ਤਾਂ ਕਰਾੜਾਂ ਬ੍ਰਾਹਮਣਾਂ ਦੇ ਪੈਰ ਹੇਠ ਬਟੇਰਾ ਆਵਣ ਦੀ ਕਹਾਵਤ ਅਨੁਸਾਰ ਸਾਰੇ ਹੀ ਸ਼ਿਕਾਰੀ ਬਣ ਬੈਠੇ ਹਨ। ਜਦੋਂ ਵੀ ਸਮਾਂ ਆ ਗਿਆ ਤਾਂ ਇਕ ਵਾਰੀ ਹੀ ਸਾਰੇ ਨਾਸਤਕਤਾ ਦੇ ਪੁਜਾਰੀਆਂ ਸਮੇਤ ਮੁੜ ਘਿੜ ਕੇ ਸੱਚੀ ਸਾਂਝੀਵਾਲਤਾ ਦਾ ਰਸ ਚਖਣਗੇ।

ਇਹ ਕਹਿਣਾ ਬਿਲਕੁਲ ਹੀ ਗ਼ਲਤ ਹੈ ਕਿ ਸ੍ਰੀ ਦਸਮੇਸ਼ ਪਿਤਾ ਜੀ ਦੀ ਸਾਂਝੀਵਾਲਤਾ ਪਹਿਲੇ ਗੁਰੂ ਸਾਹਿਬ ਤੋਂ ਵਿਲੱਖਣ ਸੀ। "ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ" (ਮਾਝ ਮ: ੫, ਪੰਨਾ ੯੭) ਵਾਲੀ ਸਪਿਰਿਟ ਤਾਂ ਹੁਣ ਵੀ ਦਸਮੇਸ਼ ਪਿਤਾ ਦੇ ਪਰਚਾਰ ਅੰਦਰ ਮੋਅਜਜ਼ਨ (ਠਾਠਾਂ ਮਾਰ ਰਹੀ) ਹੈ। ਸੋ ਸ੍ਰੀ ਦਸਮੇਸ਼ ਪਿਤਾ ਹੀ ਹੁਣ ਵੀ ਸੱਚੀ ਸਾਂਝੀਵਾਲਤਾ ਦੀ ਅਸਲ ਸਪਿਰਿਟ ਦੇ ਵਿਸਥਾਰ-ਕਰਤਾ ਹਨ। ਜਿਉਂ ਜਿਉਂ ਅੰਨ੍ਹੇ ਆਗੂਆ ਵਾਂਗੂੰ ਉਨ੍ਹਾਂ ਦੇ ਪਿਛ-ਲੱਗਾਂ ਨੂੰ ਸੁਰਤ ਆਉਂਦੀ ਗਈ, ਤਿਉਂ ਤਿਉਂ ਉਹ ਆਪੇ ਹੀ ਸੱਚਾ ਪਸਚਾਤਾਪ ਕਰ ਕੇ ਮੁੜ ਗੁਰੂ ਘਰ ਵਿਚ ਆਵਣਗੇ। ਇਸ ਵਿਚ ਰੰਚਕ ਸੰਦੇਹ ਨਹੀਂ ਕਿ ਅੱਜ ਦੀ ਚਲ ਰਹੀ ਲਹਿਰ ਵਿਚ ਘੁੱਘੂ ਮੱਟ ਵਾਸੀਆਂ ਨੂੰ ਕੁਝ ਸੁਝਦਾ ਬੁਝਦਾ ਨਹੀਂ, ਪਰ ਸਮਾਂ ਆਵਣ ਵਾਲਾ ਹੈ ਕਿ ਸਭ ਨੂੰ ਸੂਝ ਬੂਝ ਆ ਜਾਵੇਗੀ।

ਸ੍ਰੀ ਦਸਮੇਸ਼ ਜੀ ਵਾਸਤਵ ਵਿਚ ਸੱਚੀ ਅਤੇ ਸੁੱਚੀ ਸਾਂਝੀਵਾਲਤਾ ਦੇ ਆਦੀ ਹਨ ਅਤੇ ਉਨ੍ਹਾਂ ਦੀ ਵਿਸਥਾਰ ਕੀਤੀ ਹੋਈ ਲਹਿਰ ਜ਼ਰੂਰ ਆਪਣਾ ਰੰਗ ਲਿਆਵੇਗੀ ਅਤੇ ਸਭ ਵਾਦੀਆਂ ਬੇਵਾਦੀਆਂ ਨੂੰ ਸੱਚੇ ਰਸਤੇ ਲਿਆਵੇਗੀ। ਅੱਜ ਕੱਲ੍ਹ ਇਹ ਰਿਵਾਜ ਹੀ ਹੋ ਗਿਆ ਹੈ ਕਿ ਜਣਾ ਖਣਾ ਉਠ ਕੇ ਕਮਿਊਨਿਸਟ ਬਣ ਬਹਿੰਦਾ ਹੈ। ਇਹ ਕਮਿਊਨਿਜ਼ਮ ਵੀ ਥੋੜੇ ਦਿਨਾਂ ਦੀ ਹੀ ਪ੍ਰਾਹੁਣੀ ਜਾਪਦੀ ਹੈ।

ਬਹੁਤਾ ਤਾਂ ਇਹ ਗੁਰੂ-ਡੰਹ ਵਾਲੇ ਸੰਤਾਂ ਨੇ ਘਾਟਾ ਪਹੁੰਚਾਇਆ ਹੈ। ਸਾਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਇਕ ਓਪਰਾ ਜਿਹਾ ਸੰਤ ਉਪਰੋਂ ਗੁਰੂ-ਸੰਤ ਬਣਿਆਂ ਹੋਇਆ ਸੀ, ਅੰਦਰੋਂ ਕਮਿਊਨਿਜ਼ਮ ਦਾ ਪ੍ਰਚਾਰ ਕਰਦਾ ਸੀ। ਹੱਡੀ ਦਾ ਚਸਕਾ ਉਸ ਨੂੰ ਕਮਿਊਨਿਜ਼ਮ ਦਾ ਇਹੋ ਜਿਹਾ ਪਿਆ ਹੋਇਆ ਸੀ ਕਿ ਸੰਗ ਸਾਥ ਰਹਿਣ ਵਾਲੇ ਸਾਰੇ ਮੋਨੇ ਕਮਿਊਨਿਸਟ ਸਨ। ਉਪਰੋਂ ਉਪਰੋਂ ਸੰਤ-ਡੰਮ੍ਹ ਦਾ ਪ੍ਰਚਾਰ ਕਰੀ ਜਾਂਦੇ ਸਨ, ਕਿਉਂਕਿ ਉਨ੍ਹਾਂ ਦਾ ਸਰਦਾ ਨਹੀਂ ਸੀ, ਅੰਦਰੋਂ ਪੁਜ ਕੇ ਵੱਡੇ ਕਮਿਊਨਿਸਟ ਸਨ। ਇਨ੍ਹਾਂ ਗੁਰੂ-ਡੰਮ੍ਹੀਆਂ ਨੇ ਸਾਂਝੀਵਾਲਤਾ ਨੂੰ ਬੜਾ ਨੁਕਸਾਨ ਪਹੁੰਚਾਇਆ ਹੈ। ਸ੍ਰੀ ਦਸਮੇਸ਼ ਜੀ ਨੇ ਇਸ ਗੁਰੂ-ਡੰਮ੍ਹ ਦਾ ਫਸਤਾ ਵੱਢ ਦਿੱਤਾ ਸੀ; ਪਰ "ਘਰ ਘਰ ਹੋਇ ਬੈਠੇ ਹੈਂ ਰਾਮਾ॥ ਤਿਨ ਤੇ ਸਰੇ ਨ ਕੋਊ ਕਾਮਾ" (ਦਸਮ ਗ੍ਰੰਥ, ਕਲਕੀ ਅਵਤਾਰ, ਅੰਕ ੧੨-੪) ਦੇ ਵਾਕਾਂ ਅਨੁਸਾਰ ਇਹ ਸੰਤ-ਡੰਮ੍ਹੀਏ ਕੁਛ ਵੀ ਸਵਾਰ ਨਹੀਂ ਸਕਦੇ। ਸਿਵਾਏ ਇਸ ਦੇ ਕਿ ਢਾਹ ਲਾਈ ਹੋਈ ਹੈ ਗੁਰੁ ਦਸਮੇਸ਼ ਜੀ ਦੇ ਸੱਚੇ ਮਿਸ਼ਨ ਨੂੰ। ਇਹ ਸੰਤ-ਡੰਮ੍ਹੀਏ ਗੁਰੁ ਦਸਮੇਸ਼ ਜੀ ਦੀ ਸੰਚਾਲਕ ਸਾਂਝੀਵਾਲਤਾ ਨੂੰ ਬੜੀ ਢਾਹ ਲਾ ਰਹੇ ਹਨ। ਇਹ ਆਪ ਹੀ ਖੈ ਹੋ ਜਾਣਗੇ। ਚਾਰ ਦਿਨ ਕੀ ਚਾਂਦਨੀ ਫੇਰ ਹਨ੍ਹੇਰੀ ਰਾਤ।

ਕਮਿਊਨਿਸਟਾਂ ਦੀ ਸਾਂਝੀਵਾਲਤਾ ਨਿਰੋਲ ਆਰਥਕ ਏਕਤਾ ਉਤੇ ਜ਼ੋਰ ਦਿੰਦੀ ਹੈ; ਸਾਰੀ ਫ਼ੌਜ ਦੇ ਸਿਪਾਹੀਆ ਨੰੂ ਜਾਂ ਕਿਸੇ ਦਫ਼ਤਰ ਦੇ ਕਲਰਕਾਂ ਨੂੰ ਇਕੋ ਜ਼ਿੰਨੀ ਤਨਖ਼ਾਹ ਮਿਲਦੀ ਹੈ। ਪਰ ਇਸ ਆਰਥਕ ਏਕਤਾ ਨਾਲ ਕੋਈ ਮਾਨਸਕ ਤੇ ਆਤਮਕ ਸਾਂਝੀਵਾਲਤਾ ਨਹੀਂ ਪੈਦਾ ਹੋ ਜਾਂਦੀ। ਤੱਤ ਸਾਂਝੀਵਾਲਤਾ "ਖ਼ਾਲਸਾ" ਪੰਥ ਵਿਚ ਹੈ, ਜਿਥੇ ਕਿ ਗੁਰਸਿੱਖੀ ਵਿੱਚ ਕਦਮ ਰਖਦਿਆਂ ਘਟ ਘਟ ਅੰਦਰ ਜੋਤੀਸ਼ ਵਾਹਿਗੁਰੂ ਨਜ਼ਰ ਆਉਂਦਾ ਹੈ। ਅਪੱਣਤ ਜਾਂ ਪਰਾਇਆ ਹੱਕ ਮਾਰਨ ਦੀ ਲਾਲਸਾ ਉੱਕੀ ਹੀ ਮਿਟ ਜਾਂਦੀ ਹੈ। ਵੈਰ ਵਿਰੋਧ ਤੇ ਖ਼ੁਦਗਰਜ਼ੀਆਂ ਦਾ ਨਿਸ਼ਾਨ ਹੀ ਨਹੀਂ ਰਹਿੰਦਾ। ਹਰ ਪ੍ਰਾਣੀ ਮਾਤ੍ਰ ਵਿਚ, ਹਰ ਜੀਵ ਵਿਚ ਗੁਰਮੁਖ ਵਿਅਕਤੀਆਂ ਨੂੰ ਵਾਹਿਗੁਰੂ ਦੀ ਜੋਤਿ ਨਜ਼ਰ ਆਉਂਦੀ ਹੈ। "ਏਕੁ ਪਿਤਾ ਏਕਸ ਕੇ ਹਮ ਬਾਰਿਕ" (ਸੋਰਠਿ ਮ:੫ ਘਰ ੨, ਪੰਨਾ ੬੧੧) ਵਾਲਾ ਰਿਸ਼ਤਾ ਉਸ ਦਾ ਸਾਰੀ ਮਾਨਵ-ਸ੍ਰਿਸ਼ਟੀ ਨਾਲ ਗੰਢਿਆ ਜਾਂਦਾ ਹੈ। ਸਰਬੱਤ ਦਾ ਭਲਾ ਚਾਹੁਣ ਵਾਲਾ ਖ਼ਾਲਸਾ, ਸਾਰੀ ਸ੍ਰਿਸ਼ਟੀ ਦਾ ਦੁਖ ਹਰਨ ਲਈ ਤੱਤਪਰ ਰਹਿੰਦਾ ਹੈ। ਜਿਥੇ ਕਿਤੇ ਵੀ ਪਾਪ ਦਾ ਪਸਾਰਾ ਹੋਵੇ, ਓਥੇ ਉਹ ਧਰਮ ਤੇ ਸੱਚਾਈ ਲਈ ਲੜਨ ਲਈ ਤਿਆਰ ਰਹਿੰਦਾ ਹੈ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਂਝੀਵਾਲਤਾ ਤੋਂ ਅੱਜ ਸਾਡੇ ਬਹੁਤ ਸਾਰੇ ਸਿੱਖ ਖੁੰਝੇ ਫਿਰਦੇ ਹਨ। ਉਹ ਇਸ ਲਈ ਕਿ ਉਹ ਆਤਮਕ ਜੀਵਨ ਤੋਂ ਵਾਝੇਂ ਹਨ। ਕਮਿਊਨਿਜ਼ਮ ਵਿਚ ਵੀ ਉਹ ਆਪਣੇ ਪੁਲੀਟੀਕਲ ਝੱਸ ਲਈ ਤੇ ਖ਼ਾਹਸ਼ਾਂ ਦੀ ਪੂਰਤੀ ਲਈ ਰੁਲਦੇ ਹਨ। ਉਨ੍ਹਾਂ ਦੀ ਮਾਨਸਕ ਤਸੱਲੀ ਜਾਂ ਆਤਮਕ ਤ੍ਰਿਪਤੀ ਪੂਰੀ ਨਹੀਂ ਹੁੰਦੀਂ। ਬਾਹਰੋਂ ਬਾਹਰੋਂ ਸਿੱਖ ਪੰਥ ਦੇ ਭਲੇ ਦੇ ਭੀ ਢੌਂਗ ਰਚਦੇ ਹਨ, ਅੰਦਰੋਂ ਉਹ ਪੂਰੇ ਨਹੀਂ ਤਾਂ ਅੱਧੇ ਨਾਸਤਕ ਜ਼ਰੂਰ ਹੁੰਦੇ ਹਨ। ਧਰਮ ਦੇ ਨਾਮ ਤੇ ਅਧਰਮ ਤੇ ਨਾਸਤਕਤਾ ਦਾ ਪਰਚਾਰ ਕਰਨਾ ਲੋੜਦੇ ਹਨ। ਜਿਸ ਸਾਂਝੀਵਾਲਤਾ ਦੀ ਬੁਨਿਆਦ ਹੀ ਨਾਸਤਕਤਾ ਤੇ ਨਫ਼ਰਤ ਹੈ, ਉਸ ਸਾਂਝੀਵਾਲਤਾ ਨੂੰ ਮਾਨਵ ਜਾਤੀ ਨਾਲ ਹਮਦਰਦੀ ਕਿਥੋਂ ਹੋ ਸਕਦੀ ਹੈ? ਬੇਗ਼ਰਜ਼ ਹਮਦਰਦੀ ਉਨ੍ਹਾਂ ਵਿਚ ਹੋ ਹੀ ਨਹੀਂ ਸਕਦੀ, ਨਾ ਹੀ ਬੇਗ਼ਰਜ਼ ਕੁਰਬਾਨੀ ਤੇ ਸ੍ਰਿਸ਼ਟੀ ਦੀ ਸੇਵਾ ਦਾ ਮਾਦਾ ਉਨ੍ਹਾਂ ਵਿਚ ਆ ਸਕਦਾ ਹੈ। ਆਪਣੀ ਪਾਰਟੀ ਤੋਂ ਬਾਹਰ ਸਭ ਆਦਮੀ ਵੈਰੀ ਹੀ ਨਜ਼ਰ ਆਉਂਦੇ ਹਨ। ਜ਼ੋਰ ਜ਼ੁਲਮ ਨਾਲ ਕਮਿਊਨਿਸਟ ਨਜ਼ਾਮ ਖੜਾ ਕਰਨਾ ਉਨ੍ਹਾਂ ਦਾ ਮੁਖ ਅਕੀਦਾ ਹੁੰਦਾ ਹੈ। ਜਿਥੇ ਜ਼ੋਰ ਜ਼ੁਲਮ ਹੋਵੇ ਓਤੇ ਸੱਚਾਈ ਕਾਹਦੀ, ਧਰਮ ਕਾਹਦਾ? ਓਥੇ ਤਾਂ ਸਹਿਮ ਵਿਚ ਗ਼ੁਲਾਮ ਹੋਈ ਪਰਜਾ ਦੀ ਬਣਾਉਟੀ ਸਾਂਝੀਵਾਲਤਾ ਹੀ ਹੁੰਦੀ ਹੈ।

ਸੱਚੀ ਸਾਂਝੀ ਵਾਲਤਾ ਕੇਵਲ ਸ੍ਰੀ ਦਸਮੇਸ਼ ਜੀ ਦੇ ਪਰਮ ਪਵਿੱਤਰ ਸਮਾਜਕ ਤੇ ਅਧਿਆਤਮਕ ਅਸੂਲਾਂ ਤੇ ਹੀ ਹੋ ਸਕਦੀ ਹੈ। ਏਸ ਸਾਂਝੀਵਾਲਤਾ ਦੇ ਸਦਕੇ ਹੀ ਹਰ ਪਛੜੀ ਸ਼ਰੇਣੀ ਵਿਚੋਂ ਸਜੀਆਂ ਖ਼ਾਲਸਾ ਰੂਹਾਂ ਨੇ ਸਦੀਆਂ ਦੀ ਜੰਮੀ ਮੁਗ਼ਲ ਸਲਤਨਤ ਦਾ ਤਖ਼ਤਾ ਉਲਟਾ ਦਿੱਤਾ। ਜ਼ੁਲਮ ਦਾ ਥਾਂ ਥਾਂ ਟਾਕਰਾ ਕਰ ਕੇ ਹਰ ਦੀਨ ਦੁਖੀ ਦੀ, ਬਿਨਾਂ ਰਾਜਸੀ ਗ਼ਰਜ਼ ਦੇ ਸਹਾਇਤਾ ਕੀਤੀ। ਅਗਰ ਸੰਸਾਰ ਉਤੇ ਕੋਈ ਸਥਾਈ ਸਾਂਝੀਵਾਲਤਾ ਹੋਈ, ਉਹ ਦਸਮੇਸ਼ ਜੀ ਦੇ ਇਨ੍ਹਾਂ ਪਰਮ ਅਸੂਲਾਂ ਉਤੇ ਹੀ ਹੋ ਸਕਦੀ ਹੈ।


ਅਖੀਰਲਾ ਪ੍ਹੈਰਾ ਇਸ ਵਖ਼ਤ ਹਰੇਕ ਸਿੱਖ ਦਾ ਵਿਸ਼ੇਸ਼ ਧਿਆਨ ਮੰਗਦਾ ਹੈ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,

ਜਸਜੀਤ ਸਿੰਘ

Back Back to Gurmat Gyan (Gurmukhi) List


Guide To Discover Sikhism |   Guide To Becoming A Pure Sikh