ਅਰਦਾਸ

Ardas

(ਲੜੀਵਾਰਅਰਦਾਸ)

(Larivaar -  Ardas)

(੧ - ੨)

(1 - 2)

Forward Arrow
Instructions
1. Hover the mouse over a word to know the correct Padd-Chhed (broken word)
2. Use Arrow Keys ← → or Space Key to Change the Angs
Discover Sikhism

॥੧॥

 

ੴ ਵਾਹਿਗੁਰੂ ਜੀ ਕੀ ਫ਼ਤਹਿ ॥

ਸ੍ਰੀ ਭਗੌਤੀ ਜੀ ਸਹਾਇ ॥ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦ ॥

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥

ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥ ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ ॥

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥ ਸਭ ਥਾਂਈ ਹੋਇ ਸਹਾਇ ॥

ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ॥ ਸਭ ਥਾਂਈ ਹੋਇ ਸਹਾਇ ॥

ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ॥

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ॥ ਚਾਲ੍ਹੀਆਂ ਮੁਕਤਿਆਂ ॥ ਹਠੀਆਂ ਜਪੀਆਂ ॥ ਤਪੀਆਂ ॥

ਜਿਹਨਾਂ ਨਾਮ ਜਪਿਆ ॥ ਵੰਡ ਛਕਿਆ ॥ ਦੇਗ ਚਲਾਈ ॥ ਤੇਗ ਵਾਹੀ ॥ ਦੇਖ ਕੇ ਅਣਡਿੱਠ ਕੀਤਾ ॥

ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ॥

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ॥ ਬੰਦ ਬੰਦ ਕਟਾਏ ॥ ਖੋਪਰੀਆਂ ਲੁਹਾਈਆਂ ॥

ਚਰਖੀਆਂ ਤੇ ਚੜੇ ॥ ਆਰਿਆਂ ਨਾਲ ਚਿਰਾਏ ਗਏ ॥ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ॥

ਧਰਮ ਨਹੀਂ ਹਾਰਿਆ ॥ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ ॥ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ॥

ਬੋਲੋ ਜੀ ਵਾਹਿਗੁਰੂ ॥ ਪੰਜਾਂ ਤਖਤਾਂ ॥ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ॥

॥੨॥

 

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ॥ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ॥ ਵਾਹਿਗੁਰੂ ॥ ਵਾਹਿਗੁਰੂ ਚਿਤ ਆਵੇ ॥

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ॥ ਜਹਾਂ ਜਹਾਂ ਖਾਲਸਾ ਜੀ ਸਾਹਿਬ ॥ ਤਹਾਂ ਤਹਾਂ ਰਛਿਆ ਰਿਆਇਤ ॥ ਦੇਗ ਤੇਗ ਫ਼ਤਹ ॥

ਬਿਰਦ ਕੀ ਪੈਜ ॥ ਪੰਥ ਕੀ ਜੀਤ ॥ ਸ੍ਰੀ ਸਾਹਿਬ ਜੀ ਸਹਾਇ ॥ ਖਾਲਸੇ ਜੀ ਕੇ ਬੋਲ ਬਾਲੇ ॥ ਬੋਲੋ ਜੀ ਵਾਹਿਗੁਰੂ ॥

ਸਿੱਖਾਂ ਨੂੰ ਸਿੱਖੀ ਦਾਨ ॥ ਕੇਸ ਦਾਨ ॥ ਰਹਿਤ ਦਾਨ ॥ ਬਿਬੇਕ ਦਾਨ ॥ ਵਿਸਾਹ ਦਾਨ ॥ ਭਰੋਸਾ ਦਾਨ ॥ ਦਾਨਾਂ ਸਿਰ ਦਾਨ ॥

ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ॥ ਚੌਕੀਆਂ ॥ ਝੰਡੇ ॥ ਬੁੰਗੇ ॥ ਜੁਗੋ ਜੁਗ ਅਟੱਲ ॥ ਧਰਮ ਕਾ ਜੈਕਾਰ ॥ ਬੋਲੋ ਜੀ ਵਾਹਿਗੁਰੂ ॥

ਸਿੱਖਾਂ ਦਾ ਮਨ ਨੀਵਾਂ ॥ ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ ॥

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ॥ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ॥

ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ॥ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ ॥

ਹੇ ਨਿਮਾਣਿਆਂ ਦੇ ਮਾਣ ॥ ਨਿਤਾਣਿਆਂ ਦੇ ਤਾਣ ॥ ਨਿਓਟਿਆਂ ਦੀ ਓਟ ॥ ਸੱਚੇ ਪਿਤਾ ॥ ਵਾਹਿਗੁਰੂ ॥

ਆਪ ਦੇ ਹਜ਼ੂਰ ….. ਦੀ ਅਰਦਾਸ ਹੈ ਜੀ ॥ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ॥ ਸਰਬੱਤ ਦੇ ਕਾਰਜ ਰਾਸ ਕਰਨੇ ॥

ਸੇਈ ਪਿਆਰੇ ਮੇਲ ॥ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ॥ ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥

 

ਵਾਹਿਗੁਰੂ ਜੀ ਕਾ ਖਾਲਸਾ ॥

ਵਾਹਿਗੁਰੂ ਜੀ ਕੀ ਫਤਿਹ ॥