• Facebook icon
  • Twitter icon
  • You Tube icon

    Search  

ਨਾਨਕਸ਼ਾਹੀ ਬਨਾਮ ਬਿਕ੍ਰਮੀ ਕੈਲੰਡਰ

[amritsartimes.com]

ਨਾਨਕਸ਼ਾਹੀ ਬਨਾਮ ਬਿਕ੍ਰਮੀ ਕੈਲੰਡਰ
ਸਰਵਜੀਤ ਸਿੰਘ

ਕੈਲੰਡਰ ਦਾ ਇਤਿਹਾਸ ਵੀ ਉਨਾ ਹੀ ਪੁਰਾਣਾ ਹੈ ਜਿੰਨਾ ਮਨੁੱਖੀ ਸਭਿਅਤਾ ਦਾ। ਪਰ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮਹੱਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੰੂਦਾ ਹੈ। ਕੈਲੰਡਰ ਚੰਦ ਦੇ ਸਾਲ ਦੀ ਜਾਂ ਸੂਰਜ ਦੇ ਸਾਲ ਦੀ ਲੰਬਾਈ ਮੁਤਾਬਕ ਬਣਾਏ ਜਾਂਦੇ ਹਨ। ਹਰ ਧਰਮ ਜਾਂ ਕੌਮ ਦਾ ਆਪਣਾ ਆਪਣਾ ਕੈਲੰਡਰ ਹੈ। ਜਿਵੇ ਸਿੱਖਾਂ, ਹਿੰਦੂਆਂ, ਇਸਾਈਆਂ, ਯਹੂਦੀਆਂ ਅਤੇ ਮੁਸਲਮਾਨਾਂ ਦਾ ਕੈਲੰਡਰ। ਕਿਸੇ ਵੀ ਕੌਮ ਦਾ ਕੈਲੰਡਰ ਦੂਜੇ ਨਾਲ ਨਹੀ ਮਿਲਦਾ ਪਰ ਇਨ੍ਹਾਂ ਸਾਰਿਆਂ ਵਿਚ ਇਕ ਬੁਨਿਆਦੀ ਸਾਂਝ ਹੈ, ਉਹ ਹੈ ਇਨਸਾਨ ਨੂੰ ਕੈਲੰਡਰ ਦੀ ਲੋੜ।

ਨਾਨਕਸ਼ਾਹੀ ਕੈਲੰਡਰ ਦੀ ਚਰਚਾ ਇਕ ਵੇਰ ਫੇਰ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣੀ ਹੋਈ ਹੈ ਭਾਵੇਂ ਕਿ ਇਸ ਨੂੰ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਨਾਲ ਸ੍ਰੋਮਣੀ ਕਮੇਟੀ ਵਲੋਂ 2003 ਵਿਚ ਲਾਗੂ ਕਰ ਦਿੱਤਾ ਗਿਆ ਸੀ। ਸਰਕਾਰੀ ਪੱਧਰ ਤੇ ਵੀ ਇਸ ਨੂੰ ਮਾਨਤਾ ਮਿਲ ਚੁੱਕੀ ਹੈ। ਸਿੱਖ ਸੰਗਤ ਵਲੋਂ ਵੀ ਖਾਸ ਕਰਕੇ ਵਿਦੇਸ਼ੀ ਸੰਗਤ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕੀਤਾ ਜਾ ਚੁੱਕਾ ਹੈ। ਅਚਾਨਕ ਹੀ 17 ਅਕਤੂਬਰ 2009 , ਬੰਦੀ ਛੋੜ ਦਿਵਸ ਤੋਂ ਇਹ ਇਕ ਵੇਰਾਂ ਫੇਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਆਪਣੇ ਆਪ ਨੂੰ ‘ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ' (ਸੰਤਾਂ ਦੀ ਯੂਨੀਅਨ) ਵਲੋਂ ਇਸ ਤੇ ਇਤਰਾਜ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਮੁੱਖ ਇਤਰਾਜ ਇਹ ਹੈ ਕਿ ਸਾਨੂੰ ਵਿਗਿਆਨਕ ਕੈਲੰਡਰ ਪ੍ਰਵਾਨ ਨਹੀ ਹੈ।

ਉਜੈਨ ਦੇ ਰਾਜੇ ਬਿਕ੍ਰਮਾਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਬਿਕ੍ਰਮੀ ਕੈਲੰਡਰ ਚੰਦ/ਸੂਰਜ ਦੇ ਸੁਮੇਲ ਤੇ ਅਧਾਰਤ ਹੈ ਜਦੋ ਕਿ ਨਾਨਕ ਸ਼ਾਹੀ ਕੈਲੰਡਰ ਸੂਰਜ ਤੇ ਅਧਾਰਤ ਹੈ। ਜਦੋਂ ਤੋਂ ਇਨਸਾਨ ਨੇ ਹੋਸ਼ ਸਭਾਲੀ ਸੀ ਤਾਂ ਚੰਦ ਦੇ ਵੱਧਣ-ਘੱਟਣ ਦਾ ਹੀ ਚੇਤਾ ਰੱਖ ਕੇ ਕੋਈ ਕੈਲੰਡਰ ਹੋਂਦ ਵਿਚ ਆਇਆ ਹੋਵੇਗਾ। ਪਰ ਜਿਓਂ ਜਿਓਂ ਜਾਣਕਾਰੀ ਵਿਚ ਵਾਧਾ ਹੁੰਦਾ ਗਿਆ ਤਾਂ ਪਹਿਲੀਆਂ ਮਿਥਾਂ ਵਿਚ ਸੋਧਾਂ ਦਾ ਹੋਣਾ ਲਾਜਮੀ ਸੀ। ਹੁਣ ਵਿਗਿਆਨ ਨੇ ਬੁਹਤ ਤਰੱਕੀ ਕਰ ਲਈ ਹੈ। ਅੱਜ ਛੋਟੀ ਤੋਂ ਛੋਟੀ ਗਲਤੀ ਵੀ ਸੋਧ ਦੀ ਮੰਗ ਕਰਦੀ ਹੈ। ਇਸ ਦਾ ਭਾਵ ਇਹ ਨਹੀਂ ਹੈ ਕਿ ਬਿਕਰਮੀ ਕੈਲੰਡਰ ਗਲਤ ਹੈ ਇਹ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਕਿਵਂੇ ਅੱਜ ਤੋਂ 2066 ਸਾਲ ਪਹਿਲਾਂ ਇਹ ਕੈਲੰਡਰ ਹੋਦ ਵਿਚ ਆਇਆ ਸੀ ਪਰ ਅੱਜ ਦੇ ਸੂਰਜੀ ਕੈਲੰਡਰ ਇਸ ਨਾਲੋਂ ਜਿਆਦਾ ਢੁਕਵਂੇ ਹਨ।

ਬਿਕਰਮੀ ਕੈਲੰਡਰ ਚੰਦ ਦੀ ਸੁਦੀ-ਵਦੀ ਪ੍ਰਣਾਲੀ ਨਾਲ ਚਲਦਾ ਹੈ। ਚੰਦ ਦਾ ਇਕ ਸਾਲ 354 ਦਿਨਾਂ ਦਾ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਸੂਰਜ ਦੀ ਚਾਲ ਨਾਲ ਚਲਦਾ ਹੈ। ਸੂਰਜ ਦਾ ਇਕ ਸਾਲ 365.2422 ਦਿਨਾ ਦਾ। ਭਾਵ ਚੰਦ ਦਾ ਇਕ ਸਾਲ ਸੂਰਜ ਦੇ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ ਹੰੂਦਾ ਹੈ। ਹੁਣ ਜਦੋਂ ਅਸੀਂ ਬਿਕਰਮੀ ਕੈਲੰਡਰ ਦੀ ਵਰਤੋਂ ਕਰਦੇ ਹਾਂ ਤਾਂ ਕੋਈ ਵੀ ਗੁਰਪੁਰਬ ਸੁਦੀ-ਵਦੀ ਅਨੁਸਾਰ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆ ਜਾਂਦਾ ਹੈ। ਅਗਲੇ ਸਾਲ ਉਹ ਪੁਰਬ ਹੋਰ 11 ਦਿਨ ਪਹਿਲਾਂ ਹੋ ਜਾਵੇਗਾ। ਭਾਵ ਚੰਦ ਦੇ ਸਾਲ ਅਤੇ ਸੂਰਜ ਦੇ ਸਾਲ ਵਿਚ, 2 ਸਾਲਾਂ ਵਿਚ ਹੀ 22 ਇਨਾਂ ਦਾ ਅੰਤਰ ਹੋ ਗਿਆ। ਹੁਣ ਚੰਦ ਦੇ ਸਾਲ ਨੂੰ ਸੂਰਜ ਦੇ ਸਾਲ ਦੇ ਬਰਾਬਰ ਕਰਨ ਲਈ ਚੰਦ ਦੇ ਸਾਲ ਵਿੱਚ ਤੀਜੇ ਜਾਂ ਚੌਥੇ ਸਾਲ ਇਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ ਤਾਂ ਜੋ ਉਹ ਸੂਰਜੀ ਸਾਲ ਦੇ ਨੇੜੇ-ਤੇੜੇ ਹੋ ਸਕੇ। ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਲੌਂਦ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਪੁਰਬ 18/19 ਦਿਨ ਪਛੜ ਜਾਂਦੇ ਹਨ। ਮਿਸਾਲ ਵਜੋਂ ਹੋਲਾ 2009 ਵਿੱਚ 11 ਮਾਰਚ ਨੂੰ ਸੀ, 2010 ਵਿਚ 1 ਮਾਰਚ ਨੂੰ ਅਤੇ 2011 ਵਿਚ ਇਹ 20 ਮਾਰਚ ਨੰੂ ਹੋਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਬਿਕਰਮੀ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਬਰਾਬਰ ਹੀ ਕਰਨਾ ਪੈਣਾ ਹੈ ਤਾਂ ਕਿਓਂ ਨਾ ਸੂਰਜੀ ਕੈਲੰਡਰ ਹੀ ਵਰਤ ਲਿਆ ਜਾਵੇ?

ਸੂਰਜੀ ਕੈਲੰਡਰ ਦਾ ਸਾਲ 365 ਦਿਨਾਂ ਤੋਂ ਵੱਡਾ ਹੁੰਦਾ ਹੈ। ਇਸ ਲਈ ਹਰ ਚੌਥੇ ਸਾਲ (ਮੋਟੇ ਹਿਸਾਬ ਨਾਲ) ਫਰਵਰੀ ਦੇ ਮਹੀਨੇ ਵਿਚ 1 ਦਿਨ ਜੋੜ ਕੇ ਸੂਰਜੀ ਮੌਸਮੀ ਸਾਲ ਦੇ ਬਰਾਬਰ ਕਰ ਲਿਆ ਜਾਂਦਾ ਹੈ। ਇਹ ਫਰਵਰੀ 29 ਦਿਨਾਂ ਦੀ ਹੰੁਦੀ ਹੈ ਇਸ ਨੂੰ ਲੀਪ ਦਾ ਸਾਲ ਕਿਹਾ ਜਾਂਦਾ ਹੈ। ਸੂਰਜੀ ਕੈਲੰਡਰ ਦੇ ਦੋ ਮੁੱਖ ਕੈਲੰਡਰ ਹੋਂਦ ਵਿਚ ਆਏ , ਜੂਲੀਅਨ ਅਤੇ ਗਰੈਗੋਰੀਅਨ। ਸਮੇਂ-ਸਮੇਂ ਇਨ੍ਹਾਂ ਕੈਲੰਡਰਾਂ ਵਿੱਚ ਸੋਧਾਂ ਵੀ ਹੋਈਆਂ ਹਨ। ਜਿਵੇ 5 ਅਕਤੂਬਰ 1582 ਨੂੰ 15 ਅਕਤੂਬਰ ਜਾਂ 3 ਸਤੰਬਰ 1752 ਨੂੰ 14 ਸਤੰਬਰ ਮੰਨ ਲਿਆ ਗਿਆ ਸੀ। ਹੁਣ ਗੈਗੋਰੀਅਨ ਕੈਲੰਡਰ ਨੂੰ ਹੀ ਸੀ ਈ (ਕੌਮਨ ਐਰਾ) ਕਿਹਾ ਜਾਂਦਾ ਹੈ। ਜੋ ਸਾਰੀ ਦੁਨੀਆ ਵਿਚ ਪ੍ਰਚੱਲਤ ਹੈ। ਸੀ ਈ ਕੈਲੰਡਰ ਵਿਚ ਵੀ ਗੁੱਡ ਫਰਾਈਡੇ ਦਾ ਦਿਨ ਹਰ ਸਾਲ ਬਦਲਵੀਂ ਤਰੀਖ ਨੂੰ ਹੀ ਹੁੰਦਾ ਹੈ। 1928 ਵਿਚ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਹ ਬਿਲ ਪੇਸ਼ ਹੋਇਆ ਸੀ ਕਿ ਇਸ ਤਰੀਖ ਨੂੰ ਫਿਕਸ ਕੀਤਾ ਜਾਵੇ ਪਰ ਉਥੇ ਦੇ ਧਾਰਮਿਕ ਲੀਡਰਾਂ ਦੇ ਦਖਲ ਕਾਰਨ ਇਹ ਨਹੀਂ ਸੀ ਹੋ ਸਕਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਗੋਰਿਆਂ ਦੇ ਸੰਤਾਂ ਅਤੇ ਸਾਡੇ ਸੰਤਾਂ ਵਿੱਚ ਕਿੰਨੀ ਸਾਂਝ ਹੈ!

2010 ਦੇ ਬਿਕ੍ਰਮੀ ਕੈਲੰਡਰ ਦੀ ਵਿਸ਼ਸ਼ੇਤਾ :- 1 ਜਨਵਰੀ ਨੂੰ ਮਾਘ ਵਦੀ 1 ਹੈ। ਜਨਵਰੀ 5 ਨੂੰ ਮਾਘ ਵਦੀ 5 ਅਤੇ ਮਾਘ ਵਦੀ 6 ਹੈ। ਫਰਵਰੀ 26 ਨੂੰ ਫਗਣ ਸੁਦੀ 12 ਅਤੇ ਫਗਣ ਸੁਦੀ 13 ਹੈ। 14 ਅਪ੍ਰੈਲ ਵੈਸਾਖ 1 (ਨਾਨਕ ਸ਼ਾਹੀ ਅਤੇ ਬਿਕ੍ਰਮੀ) ਮੁਤਾਬਕ ਵੈਸਾਖ ਵਦੀ ਮੱਸਿਆ ਹੈ। ਅਤੇ ਇਸ ਤੋਂ ਅਗਲੇ ਦਿਨ ਭਾਵ 5 ਅਪ੍ਰੈਲ, 2 ਵੈਸਾਖ ਨੂੰ ਵੈਸਾਖ ਸੁਦੀ 1 ਹੈ। ਇਸ ਮੁਤਾਬਕ ਹੀ 27 ਅਪ੍ਰੈਲ ਨੂੰ ਵੈਸਾਖ ਸੁਦੀ 14 ਹੈ ਜੋ ਗੁਰੂ ਅਮਰ ਦਾਸ ਜੀ ਦਾ ਜਨਮ ਦਿਹਾੜਾ ਹੈ ਪਰ ਇਹ ਪੁਰਬ ਇਸ ਦਿਨ ਨਹੀਂ ਮਨਾਇਆ ਜਾਵੇਗਾ ਕਿੳਂਕਿ ਇਹ ਦਿਨ ਹਿੰਦੂ ਮੱਤ ਅਨੁਸਾਰ ਅਸ਼ੁਭ ਹੈ। 2010 ਵਿਚ ਚੰਦਰ-ਵੈਸਾਖ ਦੇ ਦੋ ਮਹੀਨੇ ਹਨ। ਪਹਿਲੇ ਵੈਸਾਖ ਦੇ ਸੁਦੀ ਪੱਖ ਅਤੇ ਦੂਜੇ ਵੈਸਾਖ ਦੇ ਵਦੀ ਪੱਖ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ 27 ਅਪ੍ਰੈਲ ਦੀ ਬਜਾਏ 26 ਮਈ ਨੂੰ ਮਨਾਇਆ ਜਾਵੇਗਾ। ਉਸ ਦਿਨ ਦੂਜੇ ਵੈਸਾਖ ਦੀ ਸ਼ੁਭ ਸੁਦੀ 14 ਹੈ । ਯਾਦ ਰਹੇ ਇਸ ਦਿਨ ਸੁਦੀ 13 ਅਤੇ ਸੁਦੀ 14 ਦੋਵੇਂ ਇਕ ਹੀ ਦਿਨ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰਮਿਤ ਵਿਚ ਕੋਈ ਦਿਨ ਸ਼ੁਭ ਜਾਂ ਅਸ਼ੁਭ ਹੁੰਦਾ ਹੈ? 2010 ਵਿਚ ਦੋ ਵੈਸਾਖ ਹੋਣ ਕਾਰਨ ਇਹ ਸਾਲ 31 ਦਸੰਬਰ, ਪੋਹ ਵਦੀ 11 ਨੂੰ ਸਮਾਪਤ ਹੋ ਜਵੇਗਾ। ਇਸ ਲਈ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਜੋ ਬਿਕ੍ਰਮੀ ਕੈਲੰਡਰ ਮੁਤਾਬਕ ਪੋਹ ਸੁਦੀ 7 ਨੂੰ ਹੰੁਦਾ ਹੈ ਨਹੀ ਆਵੇਗਾ। ਹੁਣ ਇਹ ਜਨਵਰੀ 11, 2011 ਵਿਚ ਨੂੰ ਆਵੇਗਾ। ਜਿਵੇਂ ਕਿ ਪਹਿਲਾਂ ਜਿਕਰ ਕੀਤਾ ਜਾ ਚੁਕਾ ਹੈ ਕਿ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੁੰਦਾ ਹੈ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਗਲੀ ਵਾਰੀ 11 ਦਿਨ ਪਹਿਲਾਂ ਆ ਜਾਵੇਗਾ। ਸੋ ਹੁਣ ਪੋਹ ਸੁਦੀ 7, 31 ਦਸੰਬਰ 2011 ਨੂੰ ਹੋਵੇਗੀ। ਭਾਵ 2010 ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਨਹੀਂ ਆਵੇਗਾ ਪਰ 2011 ਵਿਚ ਦੋ ਵਾਰੀ, ਜਨਵਰੀ 11 ਅਤੇ ਦਸੰਬਰ 31 ਨੂੰ ਆਵੇਗਾ। ਇਹ ਹੈ ਬਿਕ੍ਰਮੀ ਕੈਲੰਡਰ ਦੀ ਵਿਸ਼ੇਸ਼ਤਾ।

ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡਾ ਸੀ ਈ ਕੈਲੰਡਰ ਬਿਨਾਂ ਗੁਜਾਰਾ ਹੋ ਜਾਵੇਗਾਂ? ਇਹ ਸਵਾਲ ਸਾਰੇ ਪਾਠਕ ਆਪਣੇ ਆਪ ਨੂੰ ਪੁੱਛਣ । ਅੱਜ (ਦਿਨ ਸ਼ੁਕਰਵਾਰ) ਕਿੰਨੀ ਤਰੀਖ ਹੈ? ਜੇ ਤਾਂ ਤੁਹਾਡਾ ਜਵਾਬ 1 ਜਨਵਰੀ ਹੈ। ਤਾਂ ਸਾਨੂੰ ਸੀ ਈ ਕੈਲੰਡਰ ਦੀ ਲੋੜ ਹੈ। ਜੇ ਤੁਹਾਡਾ ਜਵਾਬ ਮਾਘ ਵਦੀ 1 ਹੈ ਤਾਂ ਸਾਨੂੰ ਸੀ ਈ ਕੈਲੰਡਰ ਦੀ ਕੋਈ ਲੋੜ ਨਹੀਂ। ਬਿਕ੍ਰਮੀ ਕੈਲੰਡਰ ਵਿਚ ਹਰ ਸਾਲ ਤਾਰੀਖ ਬਦਲ ਜਾਂਦੀ ਹੈ ਇਸੇ ਕਰਕੇ ਹੀ ਇਹ ਸਾਨੂੰ ਯਾਦ ਨਹੀ ਰਹਿ ਸਕਦੀ ਅਤੇ ਨਾ ਹੀ ਅਸੀ ਆਪ ਇਸ ਨੂੰ ਲਭ ਸਕਦੇ ਹਾਂ। ਸਾਨੂੰ ਯੰਤਰੀਆਂ ਤੇ ਹੀ ਨਿਰਭਰ ਹੋਣਾ ਪੈਂਦਾ ਹੈ। ਨਾਨਕਸ਼ਾਹੀ ਕੈਲੰਡਰ ਵਿਚ ਕਨੇਡਾ ਨਿਵਾਸੀ ਡਾ.ਪਾਲ ਸਿੰਘ ਪੁਰੇਵਾਲ ਜੀ ਨੇ ਹਰ ਤਰੀਖ ਪੱਕੀ ਕਰ ਦਿੱਤੀ ਹੈ। ਸਾਧ ਬਾਬੇ ਇਹ ਰੌਲਾ ਪਾ ਕੇ ਕਿ ਤਰੀਖਾਂ ਬਦਲ ਦਿੱਤੀਆਂ ਗਈਆਂ ਹਨ, ਸੰਗਤਾਂ ਨੂੰ ਗੁਮਰਾਹ ਕਰਨ ਦਾ ਅਸਫਲ ਯਤਨ ਕਰ ਰਹੇ ਹਨ। ਹਰ ਦਿਨ ਤਿੰਨ ਤਰੀਖਾਂ ਹੁੰਦੀਆਂ ਹਨ ਜਿਵੇੇ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ, ਪੋਹ ਸੁਦੀ 7 ਅਤੇ 22 ਦਸੰਬਰ ਨੂੰ ਹੋਇਆ ਸੀ। ਹੁਣ ਇਹ ਤਿੰਨ ਤਰੀਖਾਂ ਕਦੇ ਵੀ ਇਸ ਤਰਾਂ ਇਕੱਠੀਆਂ ਨਹੀਂ ਆਉਣਗੀਆਂ। ਇਸ ਲਈ ਸਾਨੂੰ ਇੱਕ ਤਰੀਖ ਹੀ ਮਿਥਣੀ ਪਵੇਗੀ। ਨਾਨਕ ਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ ਇਹ ਦਿਹਾੜਾ, 23 ਪੋਹ 5 ਜਨਵਰੀ ਨੂੰ ਹੀ ਆਵੇਗਾ ਜਦੋਂ ਕਿ ਪੋਹ ਸੁਦੀ 7 ਹਰ ਸਾਲ ਨਹੀ ਆਉਂਦੀ।

Back Back to Gurmat Gyan (Gurmukhi) List


Guide To Discover Sikhism |   Guide To Becoming A Pure Sikh|   Guide To Carrying Out Nitnem